ਪੰਜਾਬੀ ਸਾਹਿਤ ਵਿਚ ਵਾਤਾਵਰਣ ਚੇਤਨਾ

 

ਪੰਜਾਬੀ ਸਾਹਿਤ ਵਿਚ ਵਾਤਾਵਰਣ ਚੇਤਨਾ

ਇਟਰਨਲ ਯੂਨੀਵਰਸਿਟੀ ਬੜੂ ਸਾਹਿਬ ਦੇ ਪੰਜਾਬੀ ਵਿਭਾਗ  ਨੇ ਵਾਤਾਵਰਨ ਵਿਸ਼ੇ ‘ਤੇ ਲੈਕਚਰ ਕਰਵਾਇਆ

ਕਲਗੀਧਰ ਟਰੱਸਟ ਅਤੇ ਬ੍ਰਹਮ ਗਿਆਨੀ ਬਾਬਾ ਇਕਬਾਲ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੀ ਇਟਰਨਲ ਯੂਨੀਵਰਸਿਟੀ ਬੜੂ ਸਾਹਿਬ ਦੇ ਪੰਜਾਬੀ ਵਿਭਾਗ ਵੱਲੋਂ ਅਕਾਦਮਿਕ ਲੈਕਚਰ ਲੜ੍ਹੀ ਦੇ ਤਹਿਤ ‘ਪੰਜਾਬੀ ਸਾਹਿਤ ਵਿਚ ਵਾਤਾਵਰਨ ਚੇਤਨਾ’ ਵਿਸ਼ੇ ‘ਤੇ ਡਾ. ਰਾਜਿੰਦਰ ਪਾਲ ਸਿੰਘ ਬਰਾੜ (ਸੀਨੀਅਰ ਪ੍ਰੋਫੈਸਰ ਅਤੇ ਡੀਨ ਭਾਸ਼ਾਵਾਂ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਦਾ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਡਾ. ਰਾਜਿੰਦਰ ਪਾਲ ਸਿੰਘ ਨੇ ਆਪਣੇ ਲੈਕਚਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਲਗੀਧਰ ਟਰੱਸਟ ਅਧੀਨ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਦੇ ਹਵਾਲੇ ਨਾਲ ਜਿੱਥੇ ਸੰਸਥਾ ਦੇ ਕਾਰਜ ਦੀ ਸਲਾਹੁਤਾ ਕੀਤੀ ਉੱਥੇ ਉਹਨਾਂ ਇਟਰਨਲ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਨੂੰ ਹਿਮਾਚਲ ਪ੍ਰਦੇਸ਼ ਦੇ ਪਹਿਲੇ ਪੋਸਟ-ਗ੍ਰੈਜੂਏਟ ਅਤੇ ਰਿਸਰਚ ਵਿਭਾਗ ਬਣਨ ਹਿੱਤ ਵੀ ਵਧਾਈ ਦਿੱਤੀ। ਆਪਣੇ ਵਿਸ਼ੇ ਦੀ ਸ਼ੁਰੂਆਤ ਅਧੀਨ ਡਾ. ਬਰਾੜ ਹੋਰਾਂ ਨੇ ਵਿਦਿਆਰਥੀਆਂ ਨੂੰ ਜਿੱਥੇ ਵਾਤਾਵਰਨ ਵਿਗਾੜ ਦਾ ਕਾਰਨ ਭੁੱਖਮਰੀ, ਐਟਮੀ ਹਮਲੇ, ਗ਼ਰੀਬੀ ਅਤੇ ਬੰਦੇ ਅੰਦਰਲੀ ਪਦਾਰਥਕ ਭੁੱਖ ਅਤੇ ਹਉਂਮੈ ਦੀ ਹੋੜ ਦਾ ਆਪਸੀ ਲੜੀਦਾਰ ਪ੍ਰਬੰਧ ਵਿਚ ਜੁੜੇ ਹੋਣਾ ਦੱਸਿਆ ਉੱਥੇ ਉਹਨਾਂ ਨੇ ਵਿਦਿਆਰਥੀਆਂ ਨੂੰ ਇਹਨਾਂ ਸਾਰੀਆਂ ਅਲਾਮਤਾਂ ਦੇ ਵਿਕਰਾਲ ਰੂਪ ਅਤੇ ਭਵਿੱਖਮੁਖੀ ਚਣੌਤੀਆਂ ਬਾਰੇ ਵੀ ਚੇਤੰਨ ਕੀਤਾ। ਆਪਣੇ ਵਿਸ਼ੇ ਦੀ ਸੰਜ਼ੀਦਗੀ ਨੂੰ ਬਰਕਰਾਰ ਰੱਖਣ ਲਈ ਡਾ. ਸਾਹਿਬ ਨੇ ਰੋਜ਼ਾਨਾ ਜੀਵਨ ਦੀਆਂ ਅਨੇਕਾਂ ਉਦਾਹਰਨਾਂ ਦਿੰਦਿਆਂ ਇਹ ਕਿਹਾ ਕਿ ਪੰਜਾਬੀ ਸਾਹਿਤ ਵਾਤਾਵਰਨ ਦੇ ਅਨੇਕਾਂ ਪ੍ਰਤੀਕਾਂ ਅਤੇ ਬਿੰਬਾਂ ਨਾਲ ਭਰਿਆ ਹੋਇਆ ਹੈ, ਮਸਲਾ ਤਾਂ ਉਸ ਵਿੱਚੋਂ ਸੇਧ ਲੈ ਕੇ ਇਸ ਮਸਲੇ ਨੂੰ ਨਜਿੱਠਣ ਦਾ ਹੈ ਜਿਸਦਾ ਜ਼ਿਆਦਾ ਭਾਰ ਨੌਜਵਾਨ ਵਿਦਿਆਰਥੀਆਂ ਦੇ ਮੋਢਿਆਂ ‘ਤੇ ਹੈ। ਉਹਨਾਂ ਇਸ ਪਾਸੇ ਸਰਕਾਰਾਂ, ਪ੍ਰਸ਼ਾਸਨ ਅਤੇ ਉਦਯੋਗਿਕ ਮੰਡੀ ਦੇ ਨਾਂਹ-ਪੱਖੀ ਰਵੱਈਏ ਬਾਰੇ ਵਿਅੰਗ਼ ਕਰਦਿਆਂ ਇਹ ਕਿਹਾ ਕਿ ਦੇਖਣ ਨੂੰ ਤਾਂ ਵਾਤਾਵਰਨ ਵਿਗਾੜ ਬਾਰੇ ਇਹ ਸਾਰੇ ਆਮ ਵਿਅਕਤੀ ਨੂੰ ਦੋਸ਼ੀ ਗਰਦਾਨਦੇ ਹਨ ਜਦੋਂ ਕਿ ਅਸਲ ਵਿਚ ਇਹ ਤਿੰਨੇ ਧਿਰਾਂ ਜ਼ਿਆਦਾ ਕਸੂਰਵਾਰ ਹਨ। ਸੋ ਅਖੀਰ ‘ਤੇ ਡਾ. ਬਰਾੜ ਹੋਰਾਂ ਨੇ ਵਿਦਿਆਰਥੀਆਂ ਨੂੰ ਨਿੱਜੀ ਪੱਧਰ ‘ਤੇ ਹੰਭਲਾ ਮਾਰਦਿਆਂ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਦੀ ਪਹਿਲ-ਕਦਮੀ ਕਰਨ ਦਾ ਸੁਨੇਹਾ ਦਿੱਤਾ। ਪ੍ਰੋਗਰਾਮ ਦੇ ਅਖੀਰ ਵਿਚ ਵਿਭਾਗ ਦੇ ਮੁਖੀ ਡਾ. ਸਿਮਰਨਜੀਤ ਸਿੰਘ ਨੇ ਡਾ. ਰਾਜਿੰਦਰ ਪਾਲ ਸਿੰਘ ਬਰਾੜ ਹੋਰਾਂ ਦਾ ਧੰਨਵਾਦ ਕਰਦਿਆਂ ਭਵਿੱਖ ਵਿਚ ਇਸ ਵਿਸ਼ੇ ਬਾਬਤ ਹੋਰ ਵਿਸ਼ੇਸ਼ ਲੈਕਚਰ ਕਰਵਾਉਣ ਦਾ ਵਾਅਦਾ ਕੀਤਾ। ਇਸ ਸਮੁੱਚੇ ਸਮਾਗਮ ਦੌਰਾਨ ਮੰਚ ਦਾ ਸੰਚਾਲਨ ਡਾ. ਰਾਜਵਿੰਦਰ ਕੌਰ (ਅਸਿਸਟੈਂਟ ਪ੍ਰੌਫੈਸਰ, ਪੰਜਾਬੀ ਵਿਭਾਗ) ਹੋਰਾਂ ਨੇ ਕੀਤਾ ਜਦੋਂ ਕਿ ਸਟੇਜ ਕੋਆਰਡੀਨੇਟਰ ਵਜੋਂ ਸ: ਗੁਰਤੇਜ ਸਿੰਘ ਨੇ ਭੂਮਿਕਾ ਨਿਭਾਈ। ਅਕਾਲ ਕਾਲਜ ਆਫ਼ ਆਰਸਟ ਐਂਡ ਸੋਸ਼ਲ ਸਾਇੰਸਜ਼ ਦੇ ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਪ੍ਰੋਗਰਾਮਾਂ ਦੇ ਵਿਦਿਆਰਥੀਆਂ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ ਅਤੇ ਅਧਿਆਪਕ ਸਾਹਿਬਾਨਾਂ ਨੇ ਭਾਰੀ ਗਿਣਤੀ ਵਿਚ ਉਤਸ਼ਾਹ ਪੂਰਵਕ ਸ਼ਿਰਕਤ ਕੀਤੀ।

Gallery